Login Popup Login SUBSCRIBE

ADVERTISEMENTs

ਲੋਕ ਸਭਾ ਚੋਣਾਂ-2024: ਪੰਜਾਬ 'ਚ ਇਸ ਵਾਰ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈੱਬ ਕਾਸਟਿੰਗ

ਪੰਜਾਬ 'ਚ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਇਲਾਕੇ ਦੀ ਸੰਵੇਦਨਸ਼ੀਲਤਾਂ ਦੇ ਆਧਾਰ 'ਤੇ ਵਾਧੂ ਤਾਇਨਾਤੀਆਂ ਕੀਤੀਆਂ ਜਾਣਗੀਆਂ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਪ੍ਰੈਸ ਕਾਨਫਰੰਸ ਕੀਤੀ। / screengrab from video

ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਸਬੰਧੀ ਅੱਜ ਸੈਕਟਰ 17 ਸਥਿਤ ਆਪਣੇ ਦਫ਼ਤਰ ਵਿਖੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਆਦਰਸ਼ ਚੋਣ ਜ਼ਾਬਤੇ ਨੂੰ ਸਹੀ ਅਤੇ ਸੁਚੱਜੇ ਢੰਗ ਨਾਲ ਲਾਗੂ ਕਰਨ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਤਾਂ ਜੋ ਸੂਬੇ ਵਿੱਚ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਈਆਂ ਜਾ ਸਕਣ।

 

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 16 ਮਾਰਚ ਤੋਂ 18 ਮਾਰਚ, 2024 ਤੱਕ ਸੂਬੇ ਭਰ ਵਿੱਚ 24,433 ਕੰਧ ਲਿਖਤਾਂ, 15,653 ਪੋਸਟਰਾਂ, 7,511 ਬੈਨਰਾਂ ਅਤੇ 23,916 ਜਾਇਦਾਦਾਂ ਤੇ ਲਿਖੀਆਂ ਹੋਰ ਲਿਖਤਾਂ ਨੂੰ ਹਟਾਇਆ ਗਿਆ ਹੈ। ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਬਲ ਅਤੇ ਪੈਸੇ ਦੀ ਤਾਕਤ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਆਪਕ ਉਪਰਾਲੇ ਕੀਤੇ ਗਏ ਹਨ।

 

ਉਨ੍ਹਾਂ ਦੱਸਿਆ ਕਿ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਇਲਾਕੇ  ਦੀ ਸੰਵੇਦਨਸ਼ੀਲਤਾਂ ਦੇ ਆਧਾਰ 'ਤੇ ਵਾਧੂ ਤਾਇਨਾਤੀਆਂ ਕੀਤੀਆਂ ਜਾਣਗੀਆਂ। 

 

ਸੂਬੇ ਵਿੱਚ ਇੱਕ ਮਜ਼ਬੂਤ ਜ਼ਬਤੀ ਪ੍ਰਬੰਧਨ ਪ੍ਰਣਾਲੀ ਲਾਗੂ ਕੀਤੀ ਗਈ ਹੈ, ਜਿਸ ਦੇ ਨਤੀਜੇ ਵਜੋਂ 1 ਮਾਰਚ, 2024 ਤੋਂ ਹੁਣ ਤੱਕ 113.45 ਕਰੋੜ ਰੁਪਏ ਦੀਆਂ ਜ਼ਬਤੀਆਂ ਹੋਈਆਂ ਹਨ।


ਇਸਦੇ ਨਾਲ ਹੀ ਸੀ-ਵਿਜੀਲ ਐਪ ਰਾਹੀਂ 119 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 86 ਜਾਇਜ਼ ਪਾਈਆਂ ਗਈਆਂ ਹਨ ਅਤੇ ਹੱਲ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅੰਤਰ-ਰਾਜੀ ਨਾਕਿਆਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਲੋੜੀਂਦੇ ਉਪਕਰਨਾਂ ਨਾਲ ਲੈਸ ਫਲਾਇੰਗ ਸਕੁਐਡ ਅੰਤਰ-ਜ਼ਿਲ੍ਹਾ ਚੌਕੀਆਂ 'ਤੇ ਤਾਇਨਾਤ ਕੀਤੇ ਗਏ ਹਨ।

ਸੂਬੇ ਦੇ 24,433 ਪੋਲਿੰਗ ਸਟੇਸ਼ਨਾਂ ਵਿੱਚੋਂ 2,416 ਨੂੰ ਹੁਣ ਤੱਕ ਸੰਵੇਦਨਸ਼ੀਲ ਵਜੋਂ ਪਛਾਣਿਆ ਗਿਆ ਹੈ, ਜਿਨ੍ਹਾਂ ਨੂੰ ਵਾਧੂ ਸੁਰੱਖਿਆ ਉਪਾਵਾਂ ਦੀ ਲੋੜ ਹੈ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸੀਸੀਟੀਵੀ ਇੰਸਟਾਲੇਸ਼ਨ ਅਤੇ ਕੇਂਦਰੀਕ੍ਰਿਤ ਨਿਗਰਾਨੀ ਲਾਗੂ ਕੀਤੀ ਜਾਵੇਗੀ।

 

ਉਨ੍ਹਾਂ ਦੱਸਿਆ ਕਿ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ 12,000 ਪੋਲਿੰਗ ਸਟੇਸ਼ਨਾਂ ਉੱਤੇ ਖ਼ਾਸ ਤਵੱਜੋ ਦਿੱਤੀ ਜਾ ਰਹੀ ਹੈ, ਜਿੱਥੇ ਮਤਦਾਨ ਰਾਸ਼ਟਰੀ ਅਤੇ ਸੂਬੇ ਦੇ ਹੋਰਨਾਂ ਹਿੱਸਿਆਂ ਨਾਲੋਂ 2019 ਵਿੱਚ ਔਸਤ ਨਾਲੋਂ ਘੱਟ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ ਕਮ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੋਲਿੰਗ ਸਟੇਸ਼ਨਾਂ 'ਤੇ ਪੀਣ ਵਾਲੇ ਪਾਣੀ, ਪਖਾਨੇ, ਦਿਸ਼ਾ ਸੂਚਕ, ਰੈਂਪ/ਵ੍ਹੀਲ ਚੇਅਰ, ਹੈਲਪ ਡੈਸਕ, ਵੋਟਰ ਸੁਵਿਧਾ ਕੇਂਦਰ, ਲੋੜੀਂਦੀ ਰੋਸ਼ਨੀ ਅਤੇ ਸ਼ੈੱਡ ਦੀ ਸਹੂਲਤ ਨੂੰ ਯਕੀਨੀ ਬਣਾਉਣ।

ਉਨ੍ਹਾਂ ਦੱਸਿਆ ਕਿ 1 ਮਾਰਚ, 2024 ਤੱਕ ਪੰਜਾਬ ਵਿੱਚ ਕੁੱਲ 2,12,71,246 ਵੋਟਰ ਹਨ ਅਤੇ ਡੁਪਲੀਕੇਟ ਵੋਟ ਨੂੰ ਰੋਕਣ ਲਈ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੁਧਾਈ ਦੌਰਾਨ ਵਿਸ਼ੇਸ਼ ਯਤਨ ਕੀਤੇ ਗਏ ਹਨ। ਇਸ ਤੋਂ ਇਲਾਵਾ ਵੋਟਰ ਸੂਚੀ ਸੁਧਾਈ ਦੇ ਹਰ ਪੜਾਅ 'ਤੇ ਰਾਜਨੀਤਿਕ ਪਾਰਟੀਆਂ ਨਾਲ ਨਿਯਮਤ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਇਤਰਾਜ਼ ਦੇਣ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ।

ਸਿਬਿਨ ਸੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਮੀਡੀਆ ਨਾਲ ਸਰਗਰਮੀ ਨਾਲ ਜੁੜੇ ਰਹਿਣਗੇ ਅਤੇ ਮੀਡੀਆ ਰਾਹੀਂ ਮਹੱਤਵਪੂਰਨ ਜਾਣਕਾਰੀਆਂ ਲੋਕਾਂ ਤੱਕ ਪੁੱਜਦੀਆਂ ਕਰਨਗੇ। ਮੀਡੀਆ ਚੋਣ ਕਮਿਸ਼ਨ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਕੰਮ ਕਰੇ ਤਾਂ ਜੋ ਚੋਣਾਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹੀਆਂ ਜਾ ਸਕਣ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related