Login Popup Login SUBSCRIBE

ADVERTISEMENTs

ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਨਾ ਕਰਨਾ, ਭਾਜਪਾ ਨੂੰ ਕੋਈ ਸੀਟ ਨਾ ਮਿਲਣ ਦਾ ਵੱਡਾ ਕਾਰਨ

ਪੰਜਾਬ ਲੋਕ ਸਭਾ ਚੋਣ ਨਤੀਜਿਆਂ ਨੂੰ ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਭਾਜਪਾ ਨੂੰ ਗਠਜੋੜ ਨਾ ਹੋਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਭਾਜਪਾ ਨੇ ਕਈ ਸੀਟਾਂ 'ਤੇ ਸਖਤ ਟੱਕਰ ਦਿੱਤੀ ਪਰ ਗਠਜੋੜ 'ਚ ਨਾ ਹੋਣ ਕਾਰਨ ਉਹ ਇਹ ਸੀਟਾਂ ਥੋੜ੍ਹੇ ਫਰਕ ਨਾਲ ਹਾਰ ਕੇ ਦੂਜੇ ਅਤੇ ਤੀਜੇ ਸਥਾਨ 'ਤੇ ਰਹੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੁਖਬੀਰ ਬਾਦਲ ਦੀ ਇੱਕ ਪੁਰਾਣੀ ਤਸਵੀਰ / Courtesy Photo

ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੂੰ ਪੰਜਾਬ ਵਿੱਚ ਗਠਜੋੜ ਨਾ ਹੋਣ ਕਾਰਨ ਇਸ ਵਾਰ ਨੁਕਸਾਨ ਝੱਲਣਾ ਪਿਆ ਹੈ। ਦੋਵਾਂ ਨੇ ਇਕੱਲਿਆਂ ਹੀ ਸਾਰੀਆਂ 13 ਸੀਟਾਂ 'ਤੇ ਲੋਕ ਸਭਾ ਚੋਣ ਲੜੀ ਸੀ। ਇਸ ਕਾਰਨ ਭਾਜਪਾ ਨੂੰ ਵੋਟ ਸ਼ੇਅਰ ਵਧਣ ਦਾ ਫਾਇਦਾ ਤਾਂ ਮਿਲਿਆ, ਪਰ ਚੋਣਾਂ ਵਿਚ ਉਸ ਨੂੰ ਕੋਈ ਸੀਟ ਨਹੀਂ ਮਿਲੀ।

2019 ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਭਾਜਪਾ ਦਾ ਵੋਟ ਸ਼ੇਅਰ 8.93% ਵੱਧ ਕੇ 18.56% ਹੋ ਗਿਆ ਹੈ। ਪਿਛਲੀ ਵਾਰ ਪਾਰਟੀ ਨੇ 9.63% ਵੋਟ ਸ਼ੇਅਰ ਨਾਲ ਦੋ ਸੀਟਾਂ ਜਿੱਤੀਆਂ ਸਨ। ਇਸੇ ਤਰ੍ਹਾਂ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਸ ਵਾਰ ਇਸ ਦਾ ਵੋਟ ਸ਼ੇਅਰ ਸਾਲ 2019 ਦੇ 27.45 ਫੀਸਦੀ ਦੇ ਮੁਕਾਬਲੇ 13.42 ਫੀਸਦੀ ਰਹਿ ਗਿਆ ਹੈ। ਨਾਲ ਹੀ ਦੋ ਸੀਟਾਂ ਦੀ ਬਜਾਏ ਇਸ ਵਾਰ ਪਾਰਟੀ ਸਿਰਫ਼ ਇੱਕ ਬਠਿੰਡਾ ਸੀਟ ਹੀ ਬਚਾ ਸਕੀ ਹੈ।

 

ਅੰਮ੍ਰਿਤਸਰ ਸੀਟ 'ਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ 2,55,181 ਵੋਟਾਂ ਲੈ ਕੇ ਜੇਤੂ ਰਹੇ। ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ 2,07,205 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੇ। ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ 1,62,686 ਵੋਟਾਂ ਹਾਸਲ ਕੀਤੀਆਂ। ਜੇਕਰ ਦੋਵੇਂ ਇਕੱਠੇ ਮੈਦਾਨ 'ਚ ਹੁੰਦੇ ਤਾਂ ਨਤੀਜਾ ਹੋਰ ਹੋਣਾ ਸੀ।

 

ਗੁਰਦਾਸਪੁਰ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ 82,459 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਵਾਰ ਭਾਜਪਾ ਨੇ ਸਥਾਨਕ ਆਗੂ ਦਿਨੇਸ਼ ਸਿੰਘ ਬੱਬੂ ਨੂੰ ਆਪਣਾ ਉਮੀਦਵਾਰ ਬਣਾਇਆ ਸੀ, ਉਹ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਤੋਂ 82,861 ਵੋਟਾਂ ਨਾਲ ਹਾਰ ਗਏ ਸਨ। ਅਕਾਲੀ ਦਲ ਦੇ ਉਮੀਦਵਾਰ ਡਾ: ਦਲਜੀਤ ਸਿੰਘ ਚੀਮਾ ਨੇ 85,194 ਵੋਟਾਂ ਹਾਸਲ ਕੀਤੀਆਂ। ਗੱਠਜੋੜ ਦੀ ਇੱਕ ਹੋਰ ਸੀਟ ਪੱਕੀ ਸੀ।

 

ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਛੱਡ ਕੇ ਭਾਜਪਾ ਤੋਂ ਚੋਣ ਲੜੀ ਸੀ। ਇਸ ਸੀਟ 'ਤੇ ਬਿੱਟੂ ਨੂੰ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ 20,942 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਵੀ ਇੱਥੇ 90,073 ਵੋਟਾਂ ਲੈ ਗਏ। ਜੇਕਰ ਦੋਵੇਂ ਇਕੱਠੇ ਮੈਦਾਨ 'ਚ ਹੁੰਦੇ ਤਾਂ ਨਤੀਜਿਆਂ 'ਚ ਵੱਡਾ ਫਰਕ ਲਿਆ ਸਕਦੇ ਸਨ।

ਪਟਿਆਲਾ ਸੀਟ 'ਤੇ ਵੀ ਇਸੇ ਤਰ੍ਹਾਂ ਦੇ ਨਤੀਜੇ ਆਏ ਹਨ। ਭਾਜਪਾ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਬਹੁਤ ਘੱਟ ਫਰਕ ਨਾਲ ਹਾਰ ਗਈ। ਇਸ ਸੀਟ 'ਤੇ ਕਾਂਗਰਸ ਦੇ ਧਰਮਵੀਰ ਗਾਂਧੀ 3,05,616 ਵੋਟਾਂ ਨਾਲ ਜੇਤੂ ਰਹੇ, ਜਦਕਿ ਪ੍ਰਨੀਤ ਕੌਰ 2,88,998 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਉਨ੍ਹਾਂ ਨੂੰ 16,618 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਟ ਤੋਂ ਅਕਾਲੀ ਉਮੀਦਵਾਰ ਐਨਕੇ ਸ਼ਰਮਾ ਨੂੰ ਵੀ 1,53,978 ਵੋਟਾਂ ਮਿਲੀਆਂ। ਗੱਠਜੋੜ ਹੁੰਦਾ ਤਾਂ ਇਹ ਸੀਟ ਵੀ ਐਨਡੀਏ ਨੂੰ ਮਿਲਣੀ ਸੀ।

ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਫਿਰੋਜ਼ਪੁਰ ਸੀਟ 'ਤੇ ਇਸ ਵਾਰ ਭਾਜਪਾ ਨੇ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦਿੱਤੀ ਹੈ। ਇੱਥੇ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 2,66,626 ਵੋਟਾਂ ਲੈ ਕੇ ਜੇਤੂ ਰਹੇ ਹਨ। ਭਾਜਪਾ ਉਮੀਦਵਾਰ ਗੁਰਮੀਤ ਸਿੰਘ ਸੋਢੀ 2,55,097 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੇ ਪਰ ਉਨ੍ਹਾਂ ਨੇ ਚੋਣਾਂ 'ਚ ਸਖਤ ਟੱਕਰ ਦਿੱਤੀ। ਉਸ ਨੂੰ 11,529 ਘੱਟ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਕਾਲੀ ਦਲ ਨੇ ਵੀ ਇਸ ਸੀਟ 'ਤੇ ਪੂਰਾ ਮੁਕਾਬਲਾ ਦਿੱਤਾ ਹੈ। ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ 2,52,327 ਵੋਟਾਂ ਲੈ ਕੇ ਚੌਥੇ ਸਥਾਨ 'ਤੇ ਰਹੇ। ਗੱਠਜੋੜ ਹੁੰਦਾ ਤਾਂ ਨਤੀਜੇ ਹੋਰ ਹੋਣੇ ਸੀ।
 

ਸੋ ਤਸਵੀਰ ਸਾਫ ਹੈ ਕਿ ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਖੋ-ਵੱਖ ਚੋਣਾਂ ਲੜੀਆਂ, ਦੋਵਾਂ ਨੂੰ ਨੁਕਸਾਨ ਉਠਾਉਣਾ ਪਿਆ। ਜੇਕਰ ਦੋਵੇਂ ਗਠਜੋੜ ਨਾਲ ਚੋਣ ਲੜਦੇ ਤਾਂ ਨਤੀਜੇ ਵੱਖਰੇ ਹੁੰਦੇ ਅਤੇ ਭਾਜਪਾ ਨੂੰ ਵੀ ਇਸ ਦਾ ਕਾਫੀ ਫਾਇਦਾ ਮਿਲਣ ਦੀ ਸੰਭਾਵਨਾ ਸੀ। 

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related